2026 “The Story” Translations: Punjabi
ਵਿੰਡਸਰ ਦੀਆਂ ਹੱਸਮੁੱਖ ਪਤਨੀਆਂ
“ਵਿੰਡਸਰ ਸਾਡਾ ਨਾਮ ਹੈ”
ਫੁਟਬਾਲ ਵੈਨਕੂਵਰ ਦੇ ਉਪਨਗਰ ਵਿੰਡਸਰ ਵਿੱਚ ਜੀਵਨ ਦਾ ਇੱਕ ਤਰੀਕਾ ਹੈ, ਅਤੇ ਇਸ ਦਾ ਮੁੱਖ ਕਾਰਨ ਚਹਿਲ–ਪਹਿਲ ਵਾਲੀ ਵਿੰਡਸਰ ਕਮਿਊਨਿਟੀ ਅਤੇ ਉੱਥੇ ਦਾ ਖੇਡ ਕੇਂਦਰ ਹੈ |
ਵਿੰਡਸਰ ਸਟੈਗਸ ਮਹਿਲਾ ਫੁਟਬਾਲ ਟੀਮ ਨੇ ਹੁਣੇ ਹੀ ਚੈਂਪੀਅਨਸ਼ਿਪ ਜਿੱਤੀ ਹੈ, ਅਤੇ ਹਰ ਕੋਈ ਜਸ਼ਨ ਮਨਾ ਰਿਹਾ ਹੈ | ਜੱਜ ਰੌਬਰਟ ਸ਼ੈਲੋ ਆਪਣੇ ਰਿਸ਼ਤੇਦਾਰ ਸਲੈਂਡਰ ਨਾਲ ਪਹੁੰਚਦਾ ਹੈ | ਉਹ ਜੌਨ ਫਾਲਸਟਾਫ, ਇੱਕ ਸਾਬਕਾ ਵਿੰਡਸਰ ਸਟੈਗਸ ਸਟਾਰ, ਨੂੰ ਲੱਭ ਰਹੇ ਹਨ; ਜਿਸਨੇ ਹੁਣੇ ਹੀ ਸਲੈਂਡਰ ਨਾਲ ਪੈਸਿਆਂ ਦੀ ਠੱਗੀ ਮਾਰੀ ਹੈ |
ਜਦੋਂ ਉਹ ਫਾਲਸਟਾਫ ਅਤੇ ਉਸਦੇ ਸਾਥੀ ਬਾਰਡੋਲਫ ਅਤੇ ਪਿਸਟਲ ਦਾ ਸਾਹਮਣਾ ਕਰਦੇ ਹਨ, ਤਾਂ ਉਨ੍ਹਾਂ ਵਿੱਚ ਬਹਿਸ ਸ਼ੁਰੂ ਹੋ ਜਾਂਦੀ ਹੈ | ਖੁਸ਼ਕਿਸਮਤੀ ਨਾਲ, ਉਨ੍ਹਾਂ ਨੂੰ ਮਹਿਲਾ ਫੁਟਬਾਲ ਟੀਮ ਦੇ ਪ੍ਰਸ਼ੰਸਕਾਂ ਦੁਆਰਾ, ਉਨ੍ਹਾਂ ਦੇ ਸਟਾਰ ਖਿਡਾਰੀ ਦੇ ਪਹੁੰਚਣ ਕਰਕੇ ਰੋਕਿਆ ਜਾਂਦਾ ਹੈ | ਸਲੈਂਡਰ ਟੀਮ ਦੀ ਕਪਤਾਨ, ਐਨ ਪੇਜ ਉੱਤੇ ਮੋਹਿਤ ਹੋਇਆ ਜਾਪਦਾ ਹੈ, ਪਰ ਕਮਿਊਨਿਟੀ ਸੈਂਟਰ ਦਾ ਕਾਇਰੋਪ੍ਰੈਕਟਰ, ਡਾ. ਕੈਅਸ ਵੀ ਉਸਦਾ ਦਿਲ ਜਿੱਤਣ ਦੀ ਉਮੀਦ ਕਰ ਰਿਹਾ ਹੈ. ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਐਨ ਪੇਜ ਸਿਰਫ ਪੁਰਸ਼ਾਂ ਦੀ ਫੁਟਬਾਲ ਟੀਮ ਦੇ ਕਪਤਾਨ ਫੈਂਟਨ ਨੂੰ ਹੀ ਪਸੰਦ ਕਰਦੀ ਹੈ |
“ਦੁਨੀਆ ਮੇਰੀ ਸੀਪ”
ਇਸ ਦੌਰਾਨ, ਥਰਸਟੀ ਦੇ ਪੱਬ ਵਿਖੇ, ਫਾਲਸਟਾਫ ਦੋ ਅਮੀਰ ਕਮਿਊਨਿਟੀ ਮੈਂਬਰਾਂ ਦੀਆਂ ਪਤਨੀਆਂ ਸ਼੍ਰੀਮਤੀ ਫੋਰਡ ਅਤੇ ਸ਼੍ਰੀਮਤੀ ਪੇਜ ਦੀ ਦੌਲਤ ਤੱਕ ਪਹੁੰਚਣ ਲਈ, ਉਨ੍ਹਾਂ ਨੂੰ ਭਰਮਾਉਣ ਦੀ ਯੋਜਨਾ ਬਣਾਉਂਦਾ ਹੈ | ਉਹ ਦੋਵਾਂ ਔਰਤਾਂ ਨੂੰ ਪ੍ਰੇਮ ਪੱਤਰ ਲਿਖਦਾ ਹੈ, ਪਰ ਪਿਸਟਲ ਓਸ ਦਾ ਦੂਤ ਬਣਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਮਿਸਟਰ ਫੋਰਡ ਅਤੇ ਮਿਸਟਰ ਪੇਜ ਨੂੰ ਫਾਲਸਟਾਫ ਦੀ ਯੋਜਨਾ ਬਾਰੇ ਦੱਸ ਕੇ ਚੀਜ਼ਾਂ ਨੂੰ ਹੋਰ ਉਲਝਾ ਦੇਂਦਾ ਹੈ |
ਅਗਲੇ ਦਿਨ, ਸ਼੍ਰੀਮਤੀ ਫੋਰਡ ਅਤੇ ਸ਼੍ਰੀਮਤੀ ਪੇਜ ਫਾਲਸਟਾਫ ਤੋਂ ਮਿਲੇ ਪੱਤਰਾਂ ਦੀ ਤੁਲਨਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਦੋਨੋਂ ਪੱਤਰ ਇਕੋ ਜਿਹੇ ਹਨ | ਦੋਨੋਂ ਪਤਨੀਆਂ ਫਾਲਸਟਾਫ ਨੂੰ ਸਬਕ ਸਿਖਾਉਣ ਅਤੇ ਬਦਲਾ ਲੈਣ ਦੀ ਯੋਜਨਾ ਬਣਾਉਂਦੀਆਂ ਹਨ | ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦੇ ਪਤੀ ਜਾਣਦੇ ਹਨ ਕਿ ਫਾਲਸਟਾਫ ਕੀ ਕਰ ਰਿਹਾ ਹੈ – ਅਤੇ ਇਹ ਕਿ ਮਿਸਟਰ ਪੇਜ ਜਾਣਦਾ ਹੈ ਕਿ ਉਸਦੀ ਪਤਨੀ ਫਾਲਸਟਾਫ ਦੇ ਜਾਲ ਵਿੱਚ ਨਹੀਂ ਫਸੇਗੀ ਪਰ ਮਿਸਟਰ ਫੋਰਡ ਨੂੰ ਆਪਣੀ ਪਤਨੀ ਬਾਰੇ ਘੱਟ ਯਕੀਨ ਹੈ |
ਇੱਕ ਸੁੰਦਰ ਖੇਡ
ਖੇਡ ਚੱਲ ਰਹੀ ਹੈ | ਫਾਲਸਟਾਫ ਅਤੇ ਮਿਸਿਜ਼ ਫੋਰਡ ਔਰਤਾਂ ਦੇ ਚੇਂਜ ਰੂਮ ਵਿੱਚ ਮਿਲਦੇ ਹਨ, ਪਰ ਸ਼੍ਰੀਮਤੀ ਪੇਜ ਭੱਜਦੀ ਹੋਈ ਅੰਦਰ ਆਉਂਦੀ ਹੈ ਅਤੇ ਇਹ ਦਿਖਾਵਾ ਕਰਦੀ ਹੈ ਕਿ ਮਿਸਟਰ ਫੋਰਡ ਆ ਰਿਹਾ ਹੈ। ਉਹ ਫਾਲਸਟਾਫ ਨੂੰ ਇੱਕ ਗੰਦੇ ਲਾਂਡਰੀ ਹੈਮਪਰ ਵਿੱਚ ਲੁੱਕਣ ਲਈ ਯਕੀਨ ਦੂਆਂਦੀਆਂ ਹਨ, ਪਰ ਓਹ ਹੈਰਾਨ ਹੁੰਦੀਆਂ ਹਨ ਜਦੋਂ ਮਿਸਟਰ ਫੋਰਡ ਅਸਲ ਵਿੱਚ ਤੇਜੀ ਨਾਲ ਅੰਦਰ ਆਉਂਦਾ ਹੈ। ਹਾਲਾਂਕਿ, ਲਾਂਡਰੀ (ਜਿਸ ਵਿੱਚ ਫਾਲਸਟਾਫ ਵੀ ਸੀ) ਨੂੰ ਪਹਿਲਾਂ ਹੀ ਫਾਲਸ ਕ੍ਰੀਕ ਵਿੱਚ ਸੁੱਟ ਦਿੱਤਾ ਗਿਆ ਹੈ |
ਖੁਸ਼ ਹੋ ਕੇ, ਦੋਵੇਂ ਔਰਤਾਂ ਫਾਲਸਟਾਫ ਨੂੰ ਇੱਕ ਹੋਰ ਗੁਪਤ ਮੁਲਾਕਾਤ ਲਈ ਬੁਲਾਉਣ ਦਾ ਫੈਸਲਾ ਕਰਦੀਆਂ ਹਨ. ਈਰਖਾਲੂ ਮਿਸਟਰ ਫੋਰਡ ਦੁਬਾਰਾ ਉਨ੍ਹਾਂ ‘ਤੇ ਘੁਸਪੈਠ ਕਰਦਾ ਹੈ ਅਤੇ ਫਾਲਸਟਾਫ ਨੂੰ ਆਪਣੇ ਆਪ ਨੂੰ ਸ਼੍ਰੀਮਤੀ ਪੇਜ ਦੀ ਬਜ਼ੁਰਗ ਮਾਸੀ ਦਾ ਭੇਸ ਬਦਲਣ ਲਈ ਮਜਬੂਰ ਕਰਦਾ ਹੈ | ਅੰਤ ਵਿੱਚ, ਹੱਸਮੁੱਖ ਪਤਨੀਆਂ ਆਪਣੇ ਪਤੀਆਂ ਅਤੇ ਭਾਈਚਾਰੇ ਦੇ ਬਾਕੀ ਲੋਕਾਂ ਨੂੰ ਉਸ ਮਜ਼ਾਕ ਵਿੱਚ ਸ਼ਾਮਲ ਕਰਨ ਦਾ ਫੈਸਲਾ ਕਰਦੀਆਂ ਹਨ, ਜੋ ਉਹ ਫਾਲਸਟਾਫ ਨਾਲ ਕਰ ਰਹੀਆਂ ਸਨ, ਅਤੇ ਮਿਲ ਕੇ, ਉਹ ਇੱਕ ਆਖਰੀ ਸ਼ਰਾਰਤ ਬਾਰੇ ਸੋਚਦੇ ਹਨ: ਇੱਕ ਅਜਿਹੀ ਸ਼ਰਾਰਤ ਜਿਸ ਵਿੱਚ ਫਾਲਸਟਾਫ ਦੇ ਪਿਆਰੇ ਸੌਕਰ ਮੈਦਾਨ ‘ਤੇ ਆਖਰੀ ਜਿੱਤ ਦਾ ਜਸ਼ਨ ਸ਼ਾਮਲ ਹੈ।
ਮੈਕਬੈਥ
“ਇਹ ਅਲੌਕਿਕ ਭਰਮਾਹਟ“
ਇੱਕ ਉਜਾੜ ਵੀਰਾਨ ਜ਼ਮੀਨ ਦੇ ਵਿਚਕਾਰ, ਭਵਿੱਖਬਾਣੀ, ਸ਼ਕਤੀ ਅਤੇ ਪਾਗਲਪਨ ਦੀ ਇੱਕ ਕਹਾਣੀ ਸਾਹਮਣੇ ਆਉਂਦੀ ਹੈ ।
ਮੈਕਬੇਥ ਅਤੇ ਬੈਂਕੋ ਨੇ ਰਾਜਾ ਡੰਕਨ ਦੀਆਂ ਫੌਜਾਂ ਦੀ ਅਗਵਾਈ ਕਰਦਿਆਂ ਗੱਦਾਰ ਕੌਡੋਰ ਦੇ ਠਾਕੁਰ ਅਤੇ ਨਾਰਵੇ ਦੇ ਫੌਜਾਂ ਦੇ ਗੱਠਜੋੜ ਦੇ ਵਿਰੁੱਧ ਇੱਕ ਬਗਾਵਤ ਨੂੰ ਕੁਚਲ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਘਰ ਵਾਪਸ ਆਉਂਦੇ ਸਮੇਂ, ਉਹ ਤਿੰਨ ਰਹੱਸਮਈ ਸ਼ਖਸੀਅਤਾਂ ਨੂੰ ਮਿਲਦੇ ਹਨ ਜੋ ਮੈਕਬੈਥ ਨੂੰ ਦੱਸਦੇ ਹਨ ਕਿ ਓਹ ਕਾਡੋਰ ਦਾ ਠਾਕੁਰ ਬਣੇਗਾ, ਅਤੇ ਫਿਰ ਰਾਜਾ ਬਣਾਇਆ ਜਾਵੇਗਾ । ਜਦੋਂ ਬੈਂਕੋ ਉਨ੍ਹਾਂ ‘ਤੇ ਦਬਾਅ ਪਾਉਂਦਾ ਹੈ, ਤਾਂ ਉਹ ਖੁਲਾਸਾ ਕਰਦੇ ਹਨ ਕਿ ਬੈਂਕੋ ਰਾਜਾ ਨਹੀਂ ਹੋਵੇਗਾ, ਪਰ ਉਸਦੇ ਬੱਚੇ ਹੋਣਗੇ । ਇੱਕ ਕੁਲੀਨ, ਰੌਸ, ਉਸ ਦੇ ਤੁਰੰਤ ਬਾਦ ਖ਼ਬਰ ਲੈ ਕੇ ਪਹੁੰਚਦਾ ਹੈ ਕਿ ਲੜਾਈ ਵਿੱਚ ਮੈਕਬੈਥ ਦੀ ਸਫਲਤਾ ਦਾ ਸਨਮਾਨ ਕਰਨ ਲਈ, ਡੰਕਨ ਨੇ ਉਸਨੂੰ ਕੌਡੋਰ ਦੇ ਨਵੇਂ ਠਾਕੁਰ ਵਜੋਂ ਤਜਵੀਜ ਕੀਤਾ ਹੈ । ਘਟਨਾਵਾਂ ਦੇ ਇਸ ਮੋੜ ਦੇ ਬਾਵਜੂਦ, ਮੈਕਬੈਥ ਭਵਿੱਖਬਾਣੀ ਬਾਰੇ ਕੁਝ ਨਾ ਕਰਨ ਲਈ ਦ੍ਰਿੜ ਹੈ ।
“ਕਤਲੇਆਮ“
ਡਨਸੀਨੇਨ ਵਿਖੇ ਉਨ੍ਹਾਂ ਦੇ ਘਰ ਵਿੱਚ, ਮੈਕਬੈਥ ਦੀ ਪਤਨੀ ਨੂੰ ਉਸ ਦੇ ਭਿਆਨਕ ਮੁਕਾਬਲੇ ਬਾਰੇ ਪਤਾ ਲੱਗਦਾ ਹੈ। ਜਦੋਂ ਉਸਨੂੰ ਇਹ ਖ਼ਬਰ ਮਿਲਦੀ ਹੈ ਕਿ ਡੰਕਨ ਆ ਰਿਹਾ ਹੈ, ਤਾਂ ਉਹ ਮੌਕੇ ਦਾ ਫਾਇਦਾ ਉਠਾਉਂਦੀ ਹੈ । ਉਹ ਮੈਕਬੈਥ ਨੂੰ ਡੰਕਨ ਨੂੰ ਮਾਰਨ ਲਈ ਰਾਜੀ ਕਰਦੀ ਹੈ ਤਾਂ ਜੋ ਉਹ ਰਾਜਾ ਬਣ ਸਕੇ, ਹਾਲਾਂਕਿ ਮੈਕਬੈਥ ਪਹਿਲਾਂ ਇਸ ਬਾਰੇ ਅਨਿਸ਼ਚਿਤ ਹੈ। ਉਸ ਦਿਨ ਬਾਅਦ ਵਿੱਚ, ਡੰਕਨ ਆਪਣੇ ਪੁੱਤਰਾਂ ਮੈਲਕਮ ਅਤੇ ਡੋਨਾਲਬੇਨ, ਬੈਂਕੋ ਅਤੇ ਉਸਦੇ ਪੁੱਤਰ ਫਲੇਨਸ, ਅਤੇ ਕੁਲੀਨ ਲੈਨੋਕਸ, ਮੈਕਡਫ ਅਤੇ ਰੌਸ ਦੇ ਨਾਲ ਪਹੁੰਚਦਾ ਹੈ ।
ਲੇਡੀ ਮੈਕਬੇਥ ਡੰਕਨ ਦੇ ਸੇਵਾਦਾਰਾਂ ਨੂੰ ਨਸ਼ਾ ਦਿੰਦੀ ਹੈ ਤਾਂ ਜੋ ਮੈਕਬੇਥ ਡੰਕਨ ਦੇ ਕਮਰੇ ਵਿੱਚ, ਸੌਂ ਰਹੇ ਸੇਵਾਦਾਰਾਂ ਦੇ ਹੁੰਦਿਆਂ ਵੀ ਆਸਾਨੀ ਨਾਲ ਅੰਦਰ ਜਾ ਸਕੇ। ਮੈਕਡਫ ਨੂੰ ਅਗਲੀ ਸਵੇਰ ਡੰਕਨ ਦੀ ਲਾਸ਼ ਮਿਲਦੀ ਹੈ, ਅਤੇ ਪਹਿਰੇਦਾਰਾਂ ਨੂੰ ਡੰਕਨ ਦੇ ਕਤਲ ਲਈ ਫਸਾ ਦਿੱਤਾ ਜਾਂਦਾ ਹੈ। ਮੈਲਕਮ ਅਤੇ ਡੋਨਲਬੇਨ ਆਪਣੀ ਜਾਨ ਦੇ ਡਰ ਨਾਲ ਭੱਜ ਜਾਂਦੇ ਹਨ।
“ਜੋ ਹੋ ਗਿਆ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ”
ਮੈਕਬੈਥ ਰਾਜਾ ਬਣ ਚੁੱਕਾ ਹੈ, ਪਰ ਉਸਦਾ ਕੰਮ ਅਜੇ ਪੂਰਾ ਨਹੀਂ ਹੋਇਆ –ਖਾਸ ਕਰਕੇ ਉਦੋਂ, ਜਦੋਂ ਬੈਂਕੋ ਦੇ ਵੰਸ਼ਜਾਂ ਦੇ ਰਾਜਾ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਮੈਕਬੈਥ ਬੈਂਕੋ ਅਤੇ ਫਲੈਂਸ ਨੂੰ ਮਾਰਨ ਲਈ ਤਿੰਨ ਕਿਰਾਏ ਦੇ ਬੰਦਿਆਂ ਨੂੰ ਬੁਲਾਂਦਾ ਹੈ, ਪਰ ਫਲੈਂਸ ਬਚ ਨਿਕਲਣ ਵਿੱਚ ਕਾਮਯਾਬ ਹੋ ਜਾਂਦਾ ਹੈ। ਬਾਅਦ ਵਿੱਚ ਉਸ ਸ਼ਾਮ ਨੂੰ, ਮੈਕਬੈਥ ਇੱਕ ਦਾਵਤ ਰੱਖਦਾ ਹੈ । ਪਰ, ਕਹਾਣੀ ਵਿੱਚ ਮੋੜ ਉਦੋਂ ਆਉਂਦਾ ਹੈ ਜਦੋਂ ਮੈਕਬੈਥ ਮੇਜ਼ ਉੱਤੇ ਬੈਂਕੋ ਦੀ ਖੂਨ ਨਾਲ ਲੱਥਪੱਥ, ਜਿਉਂਦੀ ਲਾਸ਼ ਨੂੰ ਦੇਖ ਕੇ ਸਹਿਮ ਜਾਂਦਾ ਹੈ।
ਅਗਲੇ ਦਿਨ, ਮੈਕਬੈਥ ਅਤੇ ਉਸਦੀ ਪਤਨੀ ਤਿੰਨਾਂ ਭਵਿੱਖਵਾਣੀ ਕਰਨ ਵਾਲੀਆਂ ਸ਼ਖਸੀਅਤਾਂ ਨਾਲ ਗੱਲ ਕਰਦੇ ਹਨ। ਉਹ ਮੈਕਬੈਥ ਨੂੰ ਦੱਸਦੇ ਹਨ ਕਿ ਔਰਤ ਦੇ ਪੇਟੋਂ ਜੰਮਿਆ ਕੋਈ ਵੀ ਮਨੁੱਖ ਉਸਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਅਤੇ ਨਾ ਹੀ ਉਹ ਉਦੋਂ ਤੱਕ ਹਾਰ ਸਕਦਾ ਹੈ ਜਦੋਂ ਤੱਕ ਬਿਰਨਮ ਦੇ ਜੰਗਲ ਡਨਸਿਨੇਨ ਵੱਲ ਕੂਚ ਨਹੀਂ ਕਰਦੇ। ਹਾਲਾਂਕਿ, ਬੈਂਕੋ ਦੇ ਬੱਚੇ ਅਜੇ ਵੀ ਰਾਜਾ ਬਣਨਗੇ । ਗੁੱਸੇ ਵਿੱਚ, ਮੈਕਬੈਥ ਮੈਕਡਫ ਦੇ ਪਰਿਵਾਰ ‘ਤੇ ਹਮਲੇ ਦਾ ਆਦੇਸ਼ ਦਿੰਦਾ ਹੈ। ਉਸਦੀ ਪਤਨੀ ਅਤੇ ਬੱਚੇ ਮਾਰੇ ਜਾਂਦੇ ਹਨ, ਪਰ ਮੈਕਡਫ ਉਸ ਵੇਲੇ ਮੈਕਬੈਥ ਦੇ ਵਿਰੁੱਧ ਇੱਕ ਫੌਜ ਖੜ੍ਹੀ ਕਰਨ ਲਈ ਮੈਲਕਮ ਦੇ ਨਾਲ ਹੁੰਦਾ ਹੈ । ਕੀ ਇਹ ਮੈਕਬੈਥ ਦੇ ਦਹਿਸ਼ਤ ਦੇ ਰਾਜ ਨੂੰ ਖਤਮ ਕਰਨ ਲਈ ਕਾਫ਼ੀ ਹੋਵੇਗਾ, ਜਾਂ ਕੀ ਇਹ ਭਵਿੱਖਬਾਣੀ ਕਿ ਮੈਕਬੈਥ ਦੀ “ਕਦੇ ਵੀ ਹਾਰ ਨਹੀਂ ਹੋਵੇਗੀ” ਸੱਚ ਹੋਵੇਗੀ ?
ਗੋਬਲਿਨ:ਈਡੀਪਸ
ਮੈਕਬੈਥ ਦੇ ਸ਼ਾਨਦਾਰ ਮੰਚਨ ਦੀ ਵੱਡੀ ਸਫਲਤਾ ਤੋਂ ਬਾਅਦ, ‘ਗੌਬਲਿਨਜ਼‘ ਹੁਣ ਸ਼ੈਕਸਪੀਅਰ ਤੋਂ ਅੱਗੇ ਵਧ ਕੇ, ਮੈਕਬੈਥ ਦੇ ਸੰਦਰਭ ਵਿੱਚ ਯੂਨਾਨੀ ਥੀਏਟਰ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ। ਜੇਕਰ ਤੁਸੀਂ ਕਲਾਸੀਕਲ ਗ੍ਰੀਕ ਥੀਏਟਰ (ਯੂਨਾਨੀ ਨਾਟਕ) ਤੋਂ ਜ਼ਿਆਦਾ ਜਾਣੂ ਨਹੀਂ ਹੋ, ਤਾਂ ਚਿੰਤਾ ਨਾ ਕਰੋ – ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਪਰ, ਮੈਕਬੈਥ ਦੇ ਸੰਦਰਭ ਵਿੱਚ ਇਸਨੂੰ ਪੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਵੋ, ਕਿਉਂਕਿ ਇਹ ਬਹੁਤ ਹੀ ਭਿਆਨਕ ਅਤੇ ਦਿਲ ਕੰਬਾਊ ਹੈ।
‘ਈਡੀਪਸ ਦ ਕਿੰਗ’ (ਗੈਰ-ਗੋਬਲਿਨ ਸੰਸਕਰਣ)
ਥੀਬਸ ਨੂੰ ਸਪਿੰਕਸ ਤੋਂ ਮੁਕਤ ਕਰਾਉਣ ਤੋਂ ਬਾਅਦ, ਈਡੀਪਸ ਰਾਜਾ ਬਣ ਜਾਂਦਾ ਹੈ ਅਤੇ ਹਾਲ ਹੀ ਵਿੱਚ ਵਿਧਵਾ ਹੋਈ ਮਹਾਰਾਣੀ ਜੋਕਾਸਟਾ ਨਾਲ ਵਿਆਹ ਕਰਦਾ ਹੈ। ਕਈ ਸਾਲਾਂ ਬਾਅਦ, ਇੱਕ ਘਾਤਕ ਪਲੇਗ ਸ਼ਹਿਰ ਨੂੰ ਤਬਾਹ ਕਰ ਦੇਂਦਾ ਹੈ। ਈਡੀਪਸ ਆਪਣੇ ਸਾਲੇ, ਕ੍ਰਿਓਨ, ਨੂੰ ਆਖਦਾ ਹੈ ਕਿ ਉਹ ਭਵਿੱਖਬਾਣੀ ਕਰਨ ਵਾਲੇ ਨਬੀ ਕੋਲੋਂ ਪਲੇਗ ਬਾਰੇ ਜਾਣਕਾਰੀ ਹਾਸਿਲ ਕਰੇ। ਨਬੀ ਦੱਸਦਾ ਹੈ ਕਿ ਮਹਾਂਮਾਰੀ ਤਾਂ ਹੀ ਖਤਮ ਹੋਵੇਗੀ ਜਦੋਂ ਪੁਰਾਣੇ ਰਾਜਾ ਲਾਇਅਸ ਦੇ ਕਾਤਲ ਨੂੰ ਲੱਭ ਕੇ ਸਜ਼ਾ ਦਿੱਤੀ ਜਾਵੇਗੀ। ਜਾਂਚ ਵਿੱਚ ਸਹਾਇਤਾ ਲਈ, ਓਡੀਪਸ ਟਾਇਰੇਸੀਅਸ ਨਾਮ ਦੇ ਇੱਕ ਅੰਨ੍ਹੇ ਪੈਗੰਬਰ ਨੂੰ ਬੁਲਾਉਂਦਾ ਹੈ, ਪਰ ਟਾਇਰੇਸੀਅਸ ਉਹ ਕੁਝ ਦੱਸਣ ਤੋਂ ਇਨਕਾਰ ਕਰ ਦਿੰਦਾ ਹੈ ਜੋ ਉਸਨੇ ਪਹਿਲਾਂ ਹੀ ਦੇਖ ਲਿਆ ਹੈ। ਦੋਵਾਂ ਵਿਚਕਾਰ ਬਹਿਸ ਹੁੰਦੀ ਹੈ, ਅਤੇ ਅਖੀਰ ਵਿੱਚ ਟਾਇਰੇਸੀਅਸ ਓਡੀਪਸ ਨੂੰ ਹੀ ਕਾਤਲ ਹੋਣ ਦਾ ਦੋਸ਼ੀ ਠਹਿਰਾਉਂਦਾ ਹੈ। ਜਿਵੇਂ ਹੀ ਟਾਇਰੇਸੀਅਸ ਜਾਣ ਲੱਗਦਾ ਹੈ, ਉਹ ਸੰਕੇਤ ਦਿੰਦਾ ਹੈ ਕਿ ਈਡੀਪਸ ਆਪਣੇ ਬੱਚਿਆਂ ਦਾ ਪਿਤਾ ਅਤੇ ਭਰਾ ਦੋਵੇਂ ਹੋਵੇਗਾ, ਅਤੇ ਆਪਣੀ ਪਤਨੀ ਦਾ ਪੁੱਤਰ ਹੋਵੇਗਾ।
ਜੋਕਾਸਟਾ ਨੇ ਈਡੀਪਸ ਨੂੰ ਇਹ ਕਹਿ ਕੇ ਭਰੋਸਾ ਦਿਵਾਇਆ ਕਿ ਸਾਰੀਆਂ ਭਵਿੱਖਬਾਣੀਆਂ ਸੱਚ ਨਹੀਂ ਹੁੰਦੀਆਂ। ਹਾਲਾਂਕਿ ਇੱਕ ਨਬੀ ਨੇ ਉਸਨੂੰ ਦੱਸਿਆ ਸੀ ਕਿ ਲਾਅਸ ਨੂੰ ਉਸਦੇ ਪੁੱਤਰ ਦੁਆਰਾ ਕਤਲ ਕਰ ਦਿੱਤਾ ਜਾਵੇਗਾ, ਪਰ ਅਸਲ ਵਿੱਚ ਲਾਅਸ ਨੂੰ ਇੱਕ ਚੌਰਾਹੇ ‘ਤੇ ਡਾਕੂਆਂ ਦੁਆਰਾ ਮਾਰ ਦਿੱਤਾ ਗਿਆ ਸੀ। ਇਹ ਗੱਲ ਈਡੀਪਸ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ, ਜਿਸ ਨੇ ਕਦੇ ਉਸੇ ਚੌਰਾਹੇ ‘ਤੇ ਆਤਮ-ਰੱਖਿਆ ਵਿੱਚ ਇੱਕ ਆਦਮੀ ਨੂੰ ਮਾਰ ਦਿੱਤਾ ਸੀ। ਉਹ ਲਾਇਸ ਦੇ ਕਤਲ ਦੇ ਇੱਕੋ-ਇੱਕ ਚਸ਼ਮਦੀਦ ਗਵਾਹ, ਇੱਕ ਚਰਵਾਹੇ, ਨੂੰ ਬੁਲਾਉਂਦਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਹੋਇਆ ਸੀ। ਈਡੀਪਸ ਇਹ ਵੀ ਦੱਸਦਾ ਹੈ ਕਿ ਉਸਨੇ ਕੋਰਿੰਥ ਵਿੱਚ ਆਪਣਾ ਜੱਦੀ ਸ਼ਹਿਰ ਇੱਕ ਭਵਿੱਖਬਾਣੀ ਮਿਲਣ ਤੋਂ ਬਾਅਦ ਛੱਡ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੇ ਪਿਤਾ ਨੂੰ ਮਾਰ ਦੇਵੇਗਾ ਅਤੇ ਆਪਣੀ ਮਾਂ ਨਾਲ ਅਪਵਿੱਤਰ ਸੰਬੰਧ ਬਣਾਵੇਗਾ।
ਇੱਕ ਸੰਦੇਸ਼ਵਾਹਕ ਖ਼ਬਰ ਲੈ ਕੇ ਆਉਂਦਾ ਹੈ ਕਿ ਈਡੀਪਸ ਦੇ ਪਿਤਾ, ਪੌਲੀਬਸ ਦੀ ਮੌਤ ਹੋ ਗਈ ਹੈ। ਈਡੀਪਸ ਨੂੰ ਇਹ ਜਾਣ ਕੇ ਰਾਹਤ ਮਿਲਦੀ ਹੈ, ਪਰ ਆਖਦਾ ਹੈ ਕਿ ਕਿਉਂਕਿ ਉਸਦੀ ਮਾਂ ਮੇਰੋਪ ਅਜੇ ਵੀ ਜ਼ਿੰਦਾ ਹੈ, ਇਸ ਲਈ ਭਵਿੱਖਬਾਣੀ ਦਾ ਦੂਜਾ ਹਿੱਸਾ ਅਜੇ ਵੀ ਸੱਚ ਹੋ ਸਕਦਾ ਹੈ । ਇਹ ਸੁਣ ਕੇ, ਸੰਦੇਸ਼ਵਾਹਕ ਈਡੀਪਸ ਨੂੰ ਚਿੰਤਾ ਨਾ ਕਰਨ ਲਈ ਕਹਿੰਦਾ ਹੈ, ਕਿਉਂਕਿ ਪੋਲੀਬਸ ਅਤੇ ਮੇਰੋਪ ਉਸਦੇ ਅਸਲ ਮਾਤਾ-ਪਿਤਾ ਨਹੀਂ ਹਨ । ਇੱਕ ਚਰਵਾਹੇ ਨੂੰ ਈਡੀਪਸ ਇੱਕ ਤਿਆਗ ਦਿੱਤੇ ਬੱਚੇ ਵਜੋਂ ਮਿਲਿਆ ਸੀ ਅਤੇ ਉਸਨੇ ਸ਼ਾਹੀ ਪਰਿਵਾਰ ਦੁਆਰਾ ਉਸਦੀ ਪਰਵਰਿਸ਼ ਕਰਨ ਦਾ ਪ੍ਰਬੰਧ ਕੀਤਾ ਸੀ। ਜਦੋਂ ਚਰਵਾਹਾ ਆਉਂਦਾ ਹੈ, ਤਾਂ ਉਹ ਸੱਚਾਈ ਦਾ ਖੁਲਾਸਾ ਕਰਦਾ ਹੈ ਕਿ ਅਪਣੀ ਕਿਸਮਤ (ਭਵਿੱਖਬਾਣੀ) ਤੋਂ ਡਰਦੇ ਹੋਏ, ਲਾਇਅਸ ਅਤੇ ਜੋਕਾਸਟਾ ਨੇ ਚਰਵਾਹੇ ਨੂੰ ਆਪਣੇ ਨਵਜੰਮੇ ਪੁੱਤਰ ਈਡੀਪਸ ਨੂੰ ਮਾਰਨ ਦਾ ਹੁਕਮ ਦਿੱਤਾ ਸੀ, ਪਰ ਚਰਵਾਹੇ ਨੇ ਬੱਚੇ ਨੂੰ ਕੋਰਿੰਥ ਭੇਜ ਦਿੱਤਾ ਸੀ। ਸੱਚਾਈ ਜਾਣ ਕੇ ਬੁਰੀ ਤਰ੍ਹਾਂ ਡਰਿਆ ਹੋਇਆ ਈਡੀਪਸ ਮਹਿਸੂਸ ਕਰਦਾ ਹੈ ਕਿ ਜੋ ਭਵਿੱਖਬਾਣੀ ਉਸਨੇ ਸੁਣੀ ਸੀ, ਉਹ ਸੱਚ ਹੋ ਗਈ ਹੈ – ਅਤੇ ਉਹ ਆਪਣੀ ਦੁਖਦ ਕਿਸਮਤ ਤੋਂ ਕਦੇ ਵੀ ਨਹੀਂ ਬਚ ਸਕਦਾ ਸੀ।
ਐਂਟੀਗੋਨ
ਇੱਕ ਗਾਇਕ ਮੰਡਲੀ ਪ੍ਰਵੇਸ਼ ਕਰਦੀ ਹੈ ਅਤੇ ਸਦੀਆਂ ਪੁਰਾਣੀ ਕਹਾਣੀ ਨੂੰ ਬਿਆਨ ਕਰਦੀ ਹੈ: ਇੱਕ ਰਾਜੇ ਦੇ ਸਵੈ-ਇੱਛਤ ਦੇਸ਼ ਨਿਕਾਲੇ, ਸ਼ਹਿਰ ਵਿੱਚ ਗ੍ਰਹਿ ਯੁੱਧ ਅਤੇ ਚਾਰ ਭੈਣ-ਭਰਾਵਾਂ ਦੇ ਉਹਨਾਂ ਸ਼ਕਤੀਆਂ ਦੁਆਰਾ ਵੱਖ ਹੋਣ ਦੀ ਕਹਾਣੀ ਜੋ ਉਹਨਾਂ ਦੇ ਵੱਸ ਵਿੱਚ ਨਹੀਂ ਸਨ।
ਈਡੀਪਸ ਦੇ ਤਾਜ ਸੌਂਪਣ ਤੋਂ ਬਾਅਦ, ਉਸ ਦੇ ਪੁੱਤਰ, ਪੋਲੀਨੀਸਿਸ ਅਤੇ ਈਟੀਓਕਲਸ, ਥੀਬਸ ਦੇ ਸਾਂਝੇ ਸ਼ਾਸਕ ਬਣ ਗਏ। ਜਦੋਂ ਈਟੀਓਕਲਸ ਨੇ ਵਾਅਦੇ ਅਨੁਸਾਰ ਪੋਲੀਨੀਸਿਸ ਨੂੰ ਗੱਦੀ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਇੱਕ ਯੁੱਧ ਸ਼ੁਰੂ ਹੋ ਗਿਆ, ਅਤੇ ਭਰਾਵਾਂ ਨੇ ਲੜਾਈ ਵਿੱਚ ਇੱਕ ਦੂਜੇ ਨੂੰ ਮਾਰ ਦਿੱਤਾ । ਜਿਵੇਂ ਹੀ ਨਾਟਕ ਸ਼ੁਰੂ ਹੁੰਦਾ ਹੈ, ਉਨ੍ਹਾਂ ਦੀ ਮਾਂ, ਜੋਕਾਸਟਾ ਅਤੇ ਉਨ੍ਹਾਂ ਦੀਆਂ ਭੈਣਾਂ, ਐਂਟੀਗੋਨ ਅਤੇ ਇਸਮੀਨ, ਇੱਕ ਟੁੱਟੇ ਹੋਏ ਪਰਿਵਾਰ ਨੂੰ ਸੰਭਾਲਣ ਲਈ ਪਿੱਛੇ ਰਹਿ ਜਾਂਦੀਆਂ ਹਨ।
ਰਾਜ ਹੁਣ ਉਨ੍ਹਾਂ ਦੇ ਚਾਚਾ, ਜੋਕਾਸਟਾ ਦੇ ਭਰਾ ਕ੍ਰੀਅਨ ਦੁਆਰਾ ਚਲਾਇਆ ਜਾ ਰਿਹਾ ਹੈ। ਕ੍ਰੀਅਨ ਨੇ ਹੁਕਮ ਦਿੱਤਾ ਹੈ ਕਿ ਕਿਉਂਕਿ ਈਟੀਓਕਲਸ ਇੱਕ ਸਨਮਾਨਯੋਗ ਭਰਾ ਸੀ, ਇਸ ਲਈ ਉਸਨੂੰ ਸਹੀ ਢੰਗ ਨਾਲ ਦਫਨਾਇਆ ਜਾਵੇਗਾ, ਤਾਂ ਜੋ ਯਕੀਨੀ ਤੌਰ ਤੇ ਉਸਦੀ ਆਤਮਾ ਦੀ ਮੁਕਤੀ ਹੋ ਸਕੇ। ਬਗਾਵਤ ਕਰਨ ਦੀ ਸਜ਼ਾ ਦੇ ਤੌਰ ਤੇ, ਪੋਲੀਨੀਸਿਸ ਨੂੰ ਧੁੱਪ ਵਿੱਚ ਸੜਨ ਲਈ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਰੇਤ ਵਿੱਚ ਛੱਡ ਦਿੱਤਾ ਜਾਵੇਗਾ ਅਤੇ ਜੋ ਵੀ ਉਸਨੂੰ ਦਫਨਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਹਾਲਾਂਕਿ, ਸਹੀ ਅੰਤਮ ਸੰਸਕਾਰ ਤੋਂ ਬਿਨਾਂ, ਪੋਲੀਨੀਸਿਸ ਦੀ ਆਤਮਾ ਮਰਨ ਉਪਰੰਤ ਦੀ ਜ਼ਿੰਦਗੀ ਵਿੱਚ ਨਹੀਂ ਜਾ ਸਕਦੀ।
ਐਂਟੀਗੋਨ ਇਸਮੇਨ ਨੂੰ ਪੁੱਛਦਾ ਹੈ ਕਿ ਕੀ ਉਹ ਆਪਣੇ ਭਰਾ ਨੂੰ ਦਫਨਾਉਣ ਵਿੱਚ ਸਹਾਇਤਾ ਕਰੇਗੀ, ਪਰ ਇਸਮੇਨ ਆਪਣੇ ਪਰਿਵਾਰ ਦੀ ਦੁਖਦਾਈ ਕਹਾਣੀ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ। ਐਂਟੀਗੋਨ ਨੂੰ ਪੋਲੀਨੀਸਿਸ ਨੂੰ ਆਪ ਹੀ ਦਫਨਾਉਣਾ ਪਏਗਾ. ਪਰ ਐਂਟੀਗੋਨ ਹਮੇਸ਼ਾਂ ਜਾਣਦੀ ਸੀ ਕਿ ਉਸਨੂੰ ਇਕੱਲੇ ਕੰਮ ਕਰਨ ਦੀ ਜ਼ਰੂਰਤ ਹੋਏਗੀ । ਦਰਅਸਲ, ਉਸਨੇ ਉਸ ਸਵੇਰ ਨੂੰ ਪਹਿਲਾਂ ਹੀ ਪੋਲੀਨੀਕਸ ਨੂੰ ਦਫਨਾਇਆ ਹੈ. ਜਦੋਂ ਤੱਕ ਉਹ ਘਰ ਪਹੁੰਚਦੀ ਹੈ, ਕ੍ਰੀਓਨ ਦੇ ਸਿਪਾਹੀ ਉਸਦੇ ਦੁਆਰਾ ਕੀਤੇ ਗਏ ਸਾਰੇ ਕੰਮ (ਪੋਲੀਨੀਸੀਸ ਦਾ ਸੰਸਕਾਰ) ਨੂੰ ਪਹਿਲਾਂ ਹੀ ਖਤਮ ਕਰ ਚੁੱਕੇ ਹੁੰਦੇ ਹਨ। ਐਂਟੀਗੋਨ ਨੂੰ ਪੋਲੀਨੀਸੀਸ ਨੂੰ ਦੁਬਾਰਾ ਢੱਕਣਾ ਪੈਂਦਾ ਹੈ, ਪਰ ਇਸ ਦੂਜੀ ਵਾਰ, ਪਹਿਰੇਦਾਰ ਉਸਨੂੰ ਲਾਸ਼ ਕੋਲ, ਜਦੋਂ ਉਸਦੇ ਹੱਥ ਰੇਤ ਵਿੱਚ ਰੇਤ ਵਿੱਚ ਹੁੰਦੇ ਹਨ; ਫੜ ਲੈਂਦੇ ਹਨ।
ਐਂਟੀਗੋਨ ਨੂੰ ਉਸਦੇ ਭਰਾ ਪੌਲੀਨੀਸੀਸ ਦੀ ਲਾਸ਼ ਨੂੰ ਦਫ਼ਨਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ, ਨਵੇਂ ਰਾਜਾ ਕ੍ਰਿਓਨ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਕ੍ਰਿਓਨ ਪਹਿਲਾਂ ਆਪਣੀ ਭਤੀਜੀ ਨੂੰ ਛੱਡਣਾ ਚਾਹੁੰਦਾ ਹੈ, ਪਰ ਐਂਟੀਗੋਨ ਪੋਲੀਨੀਸਿਸ ਨੂੰ ਦਫਨਾਉਣ ਦੀ ਕੋਸ਼ਿਸ਼ ਜਾਰੀ ਰੱਖਣ ਦੀ ਸਹੁੰ ਖਾਉਂਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਇਹ ਕਰਨਾ ਸਹੀ ਕੰਮ ਹੈ।
ਕ੍ਰੀਓਨ ਐਂਟੀਗੋਨ ਨੂੰ ਆਪਣੇ ਬੇਟੇ ਹੇਮਨ ਬਾਰੇ ਸੋਚਣ ਲਈ ਕਹਿੰਦਾ ਹੈ, ਜਿਸ ਨਾਲ ਉਹ ਮੰਗਣੀ ਕਰ ਰਹੀ ਹੈ, ਅਤੇ ਇਹ ਵੀ ਦੱਸਦਾ ਹੈ ਕਿ ਉਸਦੀ ਮੌਤ ਨਾਲ ਹੈਮੋਨ ਦਾ ਦਿਲ ਟੁੱਟ ਜਾਵੇਗਾ। ਪਰ ਐਂਟੀਗੋਨ ਟਸ ਤੋਂ ਮਸ ਨਹੀਂ ਹੁੰਦੀ। ਉਹ ਨਵੇਂ ਰਾਜਾ ਕ੍ਰਿਓਨ ਨੂੰ ਕਹਿੰਦੀ ਹੈ ਕਿ ਜੇਕਰ ਉਹ ਆਪਣੇ ਪਹਿਲੇ ਹੁਕਮ (ਲਾਸ਼ ਨੂੰ ਨਾ ਦਫ਼ਨਾਉਣ ਦਾ) ਤੋਂ ਪਿੱਛੇ ਹਟਦਾ ਹੈ, ਤਾਂ ਉਹ ਕਮਜ਼ੋਰ ਲੱਗੇਗਾ, ਅਤੇ ਉਸ ਕੋਲ ਉਸਨੂੰ ਮੌਤ ਦੀ ਸਜ਼ਾ ਸੁਣਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।
ਕ੍ਰੀਓਨ ਐਂਟੀਗੋਨ ਦੀ ਸਜ਼ਾ ਦੀ ਖ਼ਬਰ ਹੈਮੋਨ ਨੂੰ ਦਿੰਦਾ ਹੈ, ਜਦੋਂ ਜੋਕਾਸਟਾ ਜੇਲ੍ਹ ਵਿੱਚ ਐਂਟੀਗੋਨ ਨੂੰ ਮਿਲਦਾ ਹੈ। ਅੰਤ ਵਿੱਚ, ਭੁੱਖੇ ਰਹਿਣ ਲਈ ਮਾਰੂਥਲ ਵਿੱਚ ਇੱਕ ਗੁਫਾ ਵਿੱਚ ਜਲਾਵਤਨ ਦੀ ਸਜ਼ਾ ਤੋਂ ਬਾਦ, ਐਂਟੀਗੋਨ ਆਪਣੀ ਆਉਣ ਵਾਲੀ ਮੌਤ ਦਾ ਸਾਹਮਣਾ ਕਰਦੀ ਹੈ, ਉਮੀਦ ਕਰਦੇ ਹੋਏ ਕਿ ਪਿੱਛੇ ਰਹਿ ਗਏ ਲੋਕ ਉਸ ਦੀਆਂ ਚੋਣਾਂ ਦੁਆਰਾ ਬਦਲ ਜਾਣਗੇ।